ਪੰਜਾਬ ਪੁਲਸ ਦਾ ਸਟਿੱਕਰ ਲੱਗੀ Scorpio ਨੇ ਦਰੜੇ ਪਤੀ-ਪਤਨੀ, ਭਿਆਨਕ ਮੰਜ਼ਰ ਨੇ ਲੋਕਾਂ ਦੇ ਖੜ੍ਹੇ ਕੀਤੇ ਰੌਂਗਟੇ (ਤਸਵੀਰ
ਲੁਧਿਆਣਾ (ਰਾਜ/ਬੇਰੀ) : ਸਥਾਨਕ ਰੋਜ਼ ਗਾਰਡਨ ‘ਤੇ ਪੰਜਾਬ ਪੁਲਸ ਦਾ ਸਟਿੱਕਰ ਲੱਗੀ ਸਕਾਰਪੀਓ ਕਾਰ ਨੇ ਦੂਜੇ ਪਾਸਿਓਂ ਜਾ ਰਹੇ ਐਕਟਿਵਾ ਸਵਾਰ ਜੋੜੇ ਨੂੰ ਦਰੜ ਦਿੱਤਾ। ਸਕਾਰਪੀਓ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਹ ਬੇਕਾਬੂ ਹੋ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਚਲੀ ਗਈ ਅਤੇ ਐਕਟਿਵਾ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-8 ਅਤੇ ਪੀ. ਏ. ਯੂ. ਦੀ ਪੁਲਸ ਪਹੁੰਚੀ। ਪਹਿਲਾਂ ਤਾਂ ਹੱਦਬੰਦੀ ਨੂੰ ਲੈ ਕੇ ਦੋਹਾਂ ਥਾਣਿਆਂ ਦੀ ਪੁਲਸ ਉਲਝ ਗਈ। ਫਿਰ ਇਹ ਮਾਮਲਾ ਥਾਣਾ ਡਵੀਜ਼ਨ ਨੰਬਰ-8 ਅਧੀਨ ਚੌਂਕੀ ਘੁਮਾਰਮੰਡੀ ਦਾ ਨਿਕਲਿਆ। ਲੋਕਾਂ ਨੇ ਸਕਾਰਪੀਓ ਸਵਾਰ ਨੌਜਵਾਨ ਨੰ ਫੜ੍ਹ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਮੁਤਾਬਕ ਸਕਾਰਪੀਓ ਕਾਰ ਕਿਸੇ ਪੁਲਸ ਮੁਲਾਜ਼ਮ ਦੀ ਦੱਸੀ ਜਾ ਰਹੀ ਹੈ, ਜਿਸ ਨੂੰ ਉਸ ਦਾ ਪੁੱਤਰ ਚਲਾ ਰਿਹਾ ਸੀ। ਚਸ਼ਮਦੀਦਾਂ ਮੁਤਾਬਕ ਚਾਲਕ ਹੂਟਰ ਵਜਾਉਂਦਾ ਹੋਇਆ ਜਾ ਰਿਹਾ ਸੀ। ਉਸ ਦੀ ਰਫ਼ਤਾਰ ਵੀ ਤੇਜ਼ ਸੀ। ਇਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਚਲੀ ਗਈ। ਦੂਜੇ ਪਾਸਿਓਂ ਐਕਟਿਵਾ ‘ਤੇ ਪਤੀ-ਪਤਨੀ ਨਿਕਲ ਰਹੇ ਸਨ, ਜੋ ਕਿ ਕਾਰ ਦੀ ਲਪੇਟ ‘ਚ ਆ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਕਾਰ ਦੇ ਹੇਠਾਂ ਫਸ ਗਈ।ਹਾਦਸੇ ਦੌਰਾਨ ਐਕਟਿਵਾ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਉਸ ਦੇ ਪਿੱਛੇ ਬੈਠੀ ਪਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਮੁਤਾਬਕ ਅਜੇ ਤੱਕ ਮ੍ਰਿਤਕ ਜੋੜੇ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਸਰਬਜੀਤ ਸਿੰਘ ਅਤੇ ਜ਼ਖਮੀ ਔਰਤ ਦਾ ਨਾਂ ਮਨਿੰਦਰ ਕੌਰ ਹੈ। ਉਨ੍ਹਾਂ ਦਾ ਕੋਈ ਰਿਸ਼ਤੇਦਾਰ ਡੀ. ਐੱਮ. ਸੀ. ਹਸਪਤਾਲ ‘ਚ ਦਾਖ਼ਲ ਸੀ, ਜਿਸ ਨੂੰ ਉਹ ਖਾਣਾ ਦੇ ਜਾ ਰਹੇ ਸਨ। ਫਿਲਹਾਲ ਕਾਰ ਚਾਲਕ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰਕੇ ਪੁਲਸ ਅੱਗੇ ਦੀ ਕਾਰਵਾਈ ਕਰੇਗੀ।